ਮਜਬੂਰੀ — ਜੀਵਨ ਦੀ ਸਭ ਤੋਂ ਵੱਡੀ ਪਰਖ
ਮਜਬੂਰੀ — ਜੀਵਨ ਦੀ ਸਭ ਤੋਂ ਵੱਡੀ ਪਰਖ
ਮਜਬੂਰੀ, ਇਹ ਇਕ ਅਜਿਹਾ ਸ਼ਬਦ ਹੈ ਜਿਸਦੇ ਅੰਦਰ ਬੇਅੰਤ ਦਰਦ, ਚੁੱਪ ਤੇ ਹਾਰ ਦੀ ਕਹਾਣੀ ਛੁਪੀ ਹੁੰਦੀ ਹੈ। ਕਈ ਵਾਰ ਇਨਸਾਨ ਦੇ ਜੀਵਨ ਵਿੱਚ ਅਜਿਹੇ ਮੋੜ ਆਉਂਦੇ ਹਨ ਜਦੋਂ ਉਸਦੀ ਇੱਛਾ, ਉਸਦੇ ਸੁਪਨੇ ਤੇ ਉਸਦੀ ਹਿੰਮਤ ਸਭ ਕੁਝ ਹੋਣ ਦੇ ਬਾਵਜੂਦ ਉਹ ਕੁਝ ਕਰ ਨਹੀਂ ਸਕਦਾ — ਕਿਉਂਕਿ ਹਾਲਾਤ ਉਸਦੇ ਖ਼ਿਲਾਫ਼ ਹੋ ਜਾਂਦੇ ਹਨ। ਇਹੀ ਮਜਬੂਰੀ ਹੁੰਦੀ ਹੈ, ਜੋ ਇਨਸਾਨ ਨੂੰ ਆਪਣੀ ਚਾਹਤਾਂ ਦੇ ਉਲਟ ਜੀਵਨ ਜੀਣ ਲਈ ਮਜਬੂਰ ਕਰ ਦਿੰਦੀ ਹੈ।
ਜਿਕਰਯੋਗ ਹੈ ਕਿ ਇਕ ਗਰੀਬ ਮਜ਼ਦੂਰ ਨੂੰ ਦੇਖੋ, ਜੋ ਸਵੇਰੇ ਤੋਂ ਸ਼ਾਮ ਤੱਕ ਧੁੱਪ ਤੇ ਧੂੜ ਵਿੱਚ ਮਿਹਨਤ ਕਰਦਾ ਹੈ, ਸਿਰਫ਼ ਇਸ ਲਈ ਕਿ ਉਸਦੇ ਬੱਚੇ ਰਾਤ ਨੂੰ ਭੁੱਖੇ ਨਾ ਸੌਣ। ਉਸਦੀ ਮਜਬੂਰੀ ਉਸਦੀ ਮਿਹਨਤ ਨੂੰ ਰੋਕਦੀ ਨਹੀਂ, ਪਰ ਉਸਦੇ ਸੁਪਨੇ ਪੂਰੇ ਕਰਨ ਤੋਂ ਜ਼ਰੂਰ ਰੋਕ ਲੈਂਦੀ ਹੈ। ਕਈ ਵਾਰ ਉਹ ਚਾਹੁੰਦਾ ਹੈ ਕਿ ਆਪਣੇ ਬੱਚੇ ਨੂੰ ਚੰਗੇ ਸਕੂਲ ਵਿੱਚ ਪੜ੍ਹਾਏ, ਪਰ ਜਦੋਂ ਜੇਬ ਖਾਲੀ ਹੋਵੇ, ਤਾਂ ਚਾਹ ਹੋ ਕੇ ਵੀ ਕੁਝ ਨਹੀਂ ਕਰ ਸਕਦਾ। ਇਹੀ ਮਜਬੂਰੀ ਉਸਦੇ ਚਿਹਰੇ ‘ਤੇ ਸਦੀਵੀ ਥਕਾਵਟ ਬਣ ਕੇ ਰਹਿ ਜਾਂਦੀ ਹੈ।
ਮਜਬੂਰੀ ਸਿਰਫ਼ ਗਰੀਬ ਦੀ ਹੀ ਨਹੀਂ ਹੁੰਦੀ। ਅਮੀਰ ਤੋਂ ਅਮੀਰ ਵਿਅਕਤੀ ਵੀ ਕਈ ਵਾਰ ਅਜਿਹੇ ਫ਼ੈਸਲੇ ਲੈਣ ਲਈ ਮਜਬੂਰ ਹੁੰਦੇ ਹਨ ਜੋ ਉਹਨਾ ਦੇ ਦਿਲ ਦੇ ਖ਼ਿਲਾਫ਼ ਹੁੰਦੇ ਹਨ। ਕੋਈ ਮਾਂ ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਰੋਜ਼ੀ-ਰੋਟੀ ਕਮਾਉਂਦੀ ਹੈ, ਕੋਈ ਬਜ਼ੁਰਗ ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੇ ਮਨ ਦੀਆਂ ਖ਼ਾਹਿਸ਼ਾਂ ਦਬਾ ਲੈਂਦਾ ਹੈ — ਇਹ ਸਾਰੀਆਂ ਮਜਬੂਰੀਆਂ ਹੀ ਹਨ ਜੋ ਜੀਵਨ ਦਾ ਅਟੂਟ ਹਿੱਸਾ ਬਣ ਜਾਂਦੀਆਂ ਹਨ। ਕਈ ਵਾਰ ਮਜਬੂਰੀ ਮਨੁੱਖਤਾ ਦੀ ਵੀ ਪਰਖ ਲੈਂਦੀ ਹੈ। ਜਦੋਂ ਪੇਟ ਦੀ ਭੁੱਖ ਜਾਂ ਪਰਿਵਾਰ ਦੀ ਲੋੜ ਕਿਸੇ ਇਨਸਾਨ ਨੂੰ ਗਲਤ ਰਸਤੇ ਵੱਲ ਧੱਕ ਦਿੰਦੀ ਹੈ, ਤਦੋਂ ਸਮਾਜ ਉਸਨੂੰ ਦੋਸ਼ੀ ਕਹਿੰਦਾ ਹੈ, ਪਰ ਉਸਦੀ ਮਜਬੂਰੀ ਕੋਈ ਨਹੀਂ ਸਮਝਦਾ। ਕੋਈ ਚੋਰੀ ਕਰਦਾ ਹੈ ਤਾਂ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਹੈ, ਪਰ ਕੋਈ ਇਹ ਨਹੀਂ ਪੁੱਛਦਾ ਕਿ ਉਹ ਭੁੱਖ ਨਾਲ ਮਰ ਰਿਹਾ ਸੀ ਜਾਂ ਨਹੀਂ। ਇਸ ਤਰ੍ਹਾਂ ਮਜਬੂਰੀ ਇਨਸਾਨ ਦੀ ਇਜ਼ਤ, ਉਸਦਾ ਧਰਮ, ਤੇ ਕਈ ਵਾਰ ਉਸਦੀ ਇਮਾਨਦਾਰੀ ਤੱਕ ਲੈ ਜਾਂਦੀ ਹੈ। ਪਰ ਮਜਬੂਰੀ ਹਮੇਸ਼ਾ ਹਾਰ ਦਾ ਨਾਮ ਨਹੀਂ। ਕਈ ਵਾਰ ਇਹੀ ਮਜਬੂਰੀ ਇਨਸਾਨ ਨੂੰ ਮਿਹਨਤ ਕਰਨ, ਲੜਨ ਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਜਦੋਂ ਇਨਸਾਨ ਹਾਲਾਤਾਂ ਨਾਲ ਜੂਝਣਾ ਸਿੱਖ ਲੈਂਦਾ ਹੈ, ਤਦੋਂ ਮਜਬੂਰੀ ਹੀ ਉਸਦੀ ਤਾਕਤ ਬਣ ਜਾਂਦੀ ਹੈ। ਜਿਹੜਾ ਇਨਸਾਨ ਮਜਬੂਰੀਆਂ ਦੇ ਬਾਵਜੂਦ ਆਪਣੇ ਆਪ ਤੇ ਭਰੋਸਾ ਰੱਖਦਾ ਹੈ, ਉਹੀ ਅਸਲ ਜਿੱਤਦਾ ਹੈ।
ਮਜਬੂਰੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਕਦੇ ਵੀ ਆਸਾਨ ਨਹੀਂ ਹੁੰਦਾ। ਹਰ ਇਕ ਮਨੁੱਖ ਦੇ ਅੰਦਰ ਇਕ ਲੁਕਿਆ ਦਰਦ ਹੁੰਦਾ ਹੈ, ਜਿਸਨੂੰ ਉਹ ਦੁਨੀਆਂ ਤੋਂ ਲੁਕਾ ਕੇ ਰੱਖਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਦੀ ਹਾਲਤ ਦਾ ਮਜ਼ਾਕ ਨਾ ਬਣਾਈਏ, ਕਿਉਂਕਿ ਸਾਨੂੰ ਨਹੀਂ ਪਤਾ ਉਹ ਕਿਹੜੀ ਮਜਬੂਰੀ ਵਿੱਚ ਜੀ ਰਿਹਾ ਹੈ।
ਅੰਤ ਵਿੱਚ, ਮਜਬੂਰੀ ਨੂੰ ਨਕਾਰਾਤਮਕ ਨਹੀਂ ਸਮਝਣਾ ਚਾਹੀਦਾ। ਇਹ ਜੀਵਨ ਦੀ ਉਹ ਅਵਸਥਾ ਹੈ ਜੋ ਸਾਨੂੰ ਅਸਲ ਤਾਕਤ, ਸਬਰ ਅਤੇ ਸਮਝ ਸਿਖਾਉਂਦੀ ਹੈ। ਮਜਬੂਰੀ ਵਿੱਚ ਜੀਣਾ ਇਕ ਕਲਾ ਹੈ — ਜੋ ਮਨੁੱਖ ਨੂੰ ਸਹਿਣਸ਼ੀਲ, ਸਮਝਦਾਰ ਤੇ ਮਜ਼ਬੂਤ ਬਣਾਉਂਦੀ ਹੈ। ਜਿਸਨੇ ਮਜਬੂਰੀ ਵਿੱਚ ਵੀ ਮੁਸਕੁਰਾਉਣਾ ਸਿੱਖ ਲਿਆ, ਉਹੀ ਸੱਚਮੁੱਚ ਜੀਵਨ ਦਾ ਅਸਲ ਅਰਥ ਸਮਝ ਗਿਆ ਹੈ।
Comments