ਪੰਜਾਬ ਦੀ ਸਿਆਸਤ ‘ਚ ਵਧਦੇ ਭੂਚਾਲ, ਲੋਕਾਂ ਵਿੱਚ ਉਲਝਣ ਤੇ ਅਣਿਸ਼ਚਿਤਤਾ ਦਾ ਮਾਹੌਲ
ਪੰਜਾਬ ਦੀ ਸਿਆਸਤ ਇਸ ਸਮੇਂ ਇਕ ਅਜਿਹੇ ਦੌਰ ਵਿਚੋਂ ਗੁਜ਼ਰ ਰਹੀ ਹੈ ਜਿੱਥੇ ਹਰ ਰੋਜ਼ ਨਵੇਂ ਮੋੜ ਅਤੇ ਅਣਪਛਾਤੇ ਘਟਨਾ ਚੱਕਰ ਸਾਹਮਣੇ ਆ ਰਹੇ ਹਨ। ਦਿਨ ਪ੍ਰਤੀ ਦਿਨ ਉੱਠ ਰਹੇ ਸਿਆਸੀ ਭੂਚਾਲਾਂ ਨੇ ਨਾ ਸਿਰਫ਼ ਪਾਰਟੀਆਂ ਦੇ ਅੰਦਰੂਨੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਆਮ ਲੋਕਾਂ ਨੂੰ ਵੀ ਗੰਭੀਰ ਉਲਝਣ ਵਿੱਚ ਪਾ ਦਿੱਤਾ ਹੈ। ਕਿਸ ਪਾਰਟੀ ਦੀ ਕੀ ਸਥਿਤੀ ਹੈ ਅਤੇ ਕੌਣ ਕਿਸ ਪਾਸੇ ਖੜਾ ਹੈ, ਇਹ ਸਮਝਣਾ ਆਮ ਵੋਟਰ ਲਈ ਔਖਾ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਪਾਰਟੀਆਂ ਦੇ ਆਗੂਆਂ ਵਿਚਲੇ ਅੰਦਰੂਨੀ ਟਕਰਾਅ ਅਤੇ ਬਗਾਵਤੀ ਸੁਰ ਉੱਪਰ ਆ ਰਹੇ ਹਨ, ਦੂਜੇ ਪਾਸੇ ਵਿਰੋਧੀ ਪਾਰਟੀਆਂ ਇੱਕ ਦੂਜੇ ‘ਤੇ ਲਗਾਤਾਰ ਦੋਸ਼ ਲਗਾ ਰਹੀਆਂ ਹਨ। ਇਸ ਨਾਲ ਸਿਆਸੀ ਮਾਹੌਲ ਵਿੱਚ ਤਣਾਅ ਅਤੇ ਅਣਿਸ਼ਚਿਤਤਾ ਵਧ ਰਹੀ ਹੈ। ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਮੁੱਦੇ ਘੱਟ ਹਨ ਅਤੇ ਰਾਜਨੀਤਿਕ ਖੇਡ ਵੱਧ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦੇ ਅਸਲ ਮੁੱਦੇ ਪਿੱਛੇ ਛੱਡੇ ਜਾ ਰਹੇ ਹਨ। ਖਾਸ ਕਰਕੇ ਨੌਜਵਾਨ ਵਰਗ ਅਤੇ ਕਿਸਾਨ ਭਾਈਚਾਰਾ, ਜੋ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ, ਉਹਨਾਂ ਦੇ ਮੁੱਦੇ ਸਿਆਸੀ ਹੰਗਾਮਿਆਂ ਵਿੱਚ ਗੁੰਝਲਦਾਰ ਹੋ ਰਹੇ ਹਨ। ਬੇਰੁਜ਼ਗਾਰੀ, ਨਸ਼ਿਆਂ ਦਾ ਮਸਲਾ, ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਜ਼ਰੂਰਤਾਂ ‘ਤੇ ਗੰਭੀਰ ਵਿਚਾਰ-ਚਰਚਾ ਕਰਨ ਦੀ ਥਾਂ ਸਿਆਸੀ ਦਲ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਿੱਚ ਜ਼ਿਆਦਾ ਰੁਚੀ ਦਿਖਾ ਰਹੇ ਹਨ। ਇਸ ਸਥਿਤ...